ਭੂਮਿਕਾ
ਜਦੋਂ ਤੋਂ ਸਿੱਖ ਕੋਮ ਪਰਵਾਸ ਕਰਨ ਲੱਗੀ ਹੈ ਉਦੋਂ ਤੋਂ ਹੀ ਵੱਡੇ ਪੱਧਰ ਤੇ ਆਜਾਦਾਨਾ   ਵਿਚਾਰਧਾਰਕ  ਤਰੱਕੀ ਹੋਣ ਲੱਗੀ ਹੈ । ਇਸਦਾ ਮਤਲਬ ਇਹ ਨਹੀਂ ਕਿ ਭਾਰਤ ਵਿੱਚ ਸਿੱਖ ਅਜਾਦੀ ਨਾਲ ਸੋਚਦੇ ਨਹੀਂ ਹਨ । ਭਾਰਤ ਵਿੱਚ ਰਹਿੰਦਿਆਂ ਕਦੇ ਕਦਾਈਂ ਜਦੋਂ ਕੋਈ ਵੱਖਰੀ ਸੋਚ ਰੱਖਣ ਲਗਦਾ ਤਾਂ ਸਥਾਪਿਤ ਧਿਰਾਂ ਉਸ ਦਾ ਰਾਹ ਰੋਕਣ ਲਈ ਹਰ ਤਰਾਂ ਦੇ ਮਜਹਬੀ ਤੇ ਰਾਜਨੀਤਕ ਹਥਕੰਡੇ ਵਰਤਦੀਆਂ । ਪਰ ਲੱਖਾਂ ਸਿੱਖਾਂ ਦੇ ਪਰਵਾਸ ਤੋਂ ਬਾਅਦ ਅਜਿਹੇ ਲੋਕ ਚਾਹ ਕੇ ਵੀ ਆਪਣਾ ਅਸਰ ਨਾ ਪਾ ਸਕੇ । ਸੰਚਾਰ ਸਾਧਨਾ ਵਿੱਚ ਆਈ ਕਰਾਂਤੀ ਵੀ ਨਵੀਂ ਸੋਚ ਲਈ ਕਾਰਗਾਰ ਸਾਬਤ ਹੋਈ ਹੈ । ਭਾਰਤ ਤੋਂ ਬਾਹਰ ਬੋਲਣ ਅਤੇ ਵਿਚਾਰ ਰੱਖਣ ਦੀ ਆਜਾਦੀ ਕਾਰਣ ਸਿੱਖਾਂ ਨੇ ਤਕਰੀਬਨ ਹਰ ਉਸ ਵਿਸ਼ੇ ਵਾਰੇ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਵਾਰੇ ਬੋਲਿਆਂ ਭਾਰਤ ਵਿੱਚ ਫਤਵੇ ਅਤੇ ਹੋਰ ਸਜਾਵਾਂ ਨਿਸ਼ਚਿਤ ਕਰਵਾਈਆਂ ਗਈਆਂ ਹਨ । ਇੰਟਰਨੈੱਟ ਦੀ ਖੋਜ ਉਪਰੰਤ ਤੇਜੀ ਨਾਲ ਵਧੇ ਸੰਚਾਰ ਸਾਧਨਾਂ ਦਾ ਲੋਕਾਂ ਦੀ ਪਹੁੰਚ ਵਿੱਚ ਆਸਾਨੀ ਨਾਲ ਹੀ ਆ ਜਾਣਾ ਨਵੀਂ ਸੋਚ ਵਿੱਚ ਇੰਕਲਾਬ ਸਾਬਤ ਹੋਇਆ ਹੈ । ਅਖਬਾਰਾਂ ਤੋਂ ਬਾਅਦ ਅਨੇਕਾਂ ਵੈੱਬਸਾਈਟਾਂ ਦਾ ਹੋਂਦ ਵਿੱਚ ਆਉਣਾ ਅਤੇ ਹੁਣ ਫੇਸਬੁਕ, ਵਟਸਐਪ ਵਰਗੀਆਂ ਸੋਸਲ ਸਾਈਟਾਂ ਦਾ ਹੱਥਾਂ ਵਿੱਚ ਉਪਲੱਭਦ ਹੋਣਾ ਅਜੋਕੇ ਸਮੇ ਵਿੱਚ ਵਿਚਾਰ-ਚਰਚਾਵਾਂ ਨੂੰ ਬਹੁਤ ਅੱਗੇ ਲੈ ਗਿਆ ਹੈ ।
       ਨਵੇਂ ਸੰਚਾਰ ਸਾਧਨਾ ਦੇ ਹੋਂਦ ਵਿੱਚ ਆਉਦਿਆਂ, ਸਮੇਂ ਦੀ ਲੋੜ ਨੂੰ ਭਾਂਪਦਿਆਂ ਕਨੇਡਾ ਵਸਦੇ ਇਕ ਕਿਰਤੀ ਗੁਰਸਿੱਖ ਸ ਮੱਖਣ ਸਿੰਘ ਪੁਰੇਵਾਲ ਨੇ ਸਿੱਖ ਮਾਰਗ ਡੌਟ ਕੌਮ ਨਾਮ ਦੀ ਇਕ ਵੈੱਬ ਸਾਈਟ ਸ਼ੁਰੂ ਕਿਤੀ ਸੀ ਜਿਸ ਵਿੱਚ ਗੁਰਮਤਿ ਨਾਲ ਸਬੰਧਤ ਹਰ ਵਿਸ਼ੇ ਤੇ ਵਿਚਾਰਾ ਦੇ ਅਦਾਨ-ਪਰਦਾਨ ਹੁਣ ਤੱਕ ਚੱਲ ਰਹੇ ਹਨ । ਸਥਾਪਤੀ ਤੋਂ ਵੱਖਰਾ ਸੋਚਣ ਵਾਲੇ ਸੈਂਕੜੇ ਲੇਖਕ ਇਸ ਵੈੱਬ-ਸਾਈਟ ਨਾਲ ਜੁੜੇ ਹੋਏ ਹਨ । ਹਜਾਰਾਂ ਦੀ ਗਿਣਤੀ ਵਿੱਚ ਖੋਜ ਭਰਪੂਰ ਲੇਖ ਇਸ ਸਾਈਟ ਤੇ ਉਪਲੱਭਦ ਹਨ । ਗੁਰਮਤਿ ਦੇ ਅਨੇਕਾਂ ਵਿਸ਼ਿਆਂ ਤੇ ਅਕਸਰ ਹੀ ਵਿਚਾਰ-ਵਟਾਦਰੇ ਏਥੇ ਚਲਦੇ ਰਹਿੰਦੇ ਹਨ । ਇਹ ਵੈੱਬ ਸਾਈਟ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਕਾਰਣ, ਗੁਰਮਤਿ ਵਿਚਾਰਧਾਰਾ ਦੇ ਵਿਪਰੀਤ ਵਿਸ਼ਿਆਂ ਦੇ ਆਰਟੀਕਲਾਂ ਨੂੰ ਜਗਹ ਨਹੀਂ ਦਿੰਦੀ ਹਾਲਾਂਕਿ ਚਲ ਰਹੀ ਵਿਚਾਰ ਚਰਚਾ ਦੌਰਾਨ ਸਭਿਅਕ ਭਾਸ਼ਾ ਵਿੱਚ ਹਰ ਵਿਰੋਧੀ ਵਿਚਾਰ ਛਪ ਸਕਦੇ ਹਨ । ਗੁਰਮਤਿ ਖੋਜ ਕਾਰਜਾਂ ਵਿੱਚ ਜੁੜੇ ਵਿਦਿਆਰਥੀ, ਗੁਰਮਤਿ ਦਾ ਸੱਚ ਸਮਝਣ ਵਾਲੇ ਜਗਿਆਸੂ ਅਤੇ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਅਨੇਕਾਂ ਪਰਚਾਰਕ ਇਸ ਵੈੱਬ ਸਾਈਟ ਦਾ ਨਿਤ ਨੇਮ ਨਹੀਂ ਭੁੱਲਦੇ ।
       ਵੈਸੇ ਮੇਰਾ ਸ਼ੌਕ ਕਵਿਤਾ ਲਿਖਣਾ ਹੈ ਪਰ ਗੁਰਮਤਿ ਸਮਝਣ ਦੀ ਜਗਿਆਸਾ ਵਸ ਲੰਬੇ ਅਰਸੇ ਤੋਂ ਇਸ ਵੈੱਬ ਸਾਈਟ ਨਾਲ ਜੁੜਿਆ ਹੋਣ ਕਾਰਣ ਏਥੇ ਲਿਖਣਾ ਸਿਖਦਾ ਰਿਹਾ ਹਾਂ । ਪਿਛਲੇ ਸਮੇ ਦੌਰਾਨ ਜੋ ਵੀ ਏਥੇ ਲਿਖਿਆ ਹੈ ਉਹ ਰਚਨਾਵਾਂ ਹੀ ਇਹ ਕਿਤਾਬ ਬਨਣ ਦਾ ਆਧਾਰ ਬਣੀਆਂ ਹਨ । ਜਿਸਦੇ ਲਈ ਸ ਮੱਖਣ ਸਿੰਘ ਪੁਰੇਵਾਲ ਦਾ ਧੰਨਵਾਦੀ ਹਾਂ ।

ਗੁਰਮੀਤ ਸਿੰਘ ‘ਬਰਸਾਲ’ਕੈਲੇਫੋਰਨੀਆਂ

Comments

Popular posts from this blog